ਵਰਕੇ ਕਾਲੇ ਕਰ ਕਰ ਪਾੜੀ ਜਾਂਦੇ ਓ

ਵਰਕੇ ਕਾਲੇ ਕਰ ਕਰ ਪਾੜੀ ਜਾਂਦੇ ਓ
ਰੱਤ ਜਿਗਰ ਦੀ ਕਾਹਨੂੰ ਸਾੜੀ ਜਾਂਦੇ ਓ

ਹੁਣ ਇਸ ਘਰ ਵਿਚ ਕਦੀ ਕਿਸੇ ਨੇ ਨਹੀਂ ਆਉਣਾ
ਕਿਉਂ ਚੀਜ਼ਾਂ ਤੇ ਮਿੱਟੀ ਝਾੜੀ ਜਾਂਦੇ ਓ

ਬਾਗ਼ੇ ਦੀ ਰਖਵਾਲੀ ਦੇ ਲਈ ਆਏ ਸੋ
ਕਾਹਨੂੰ ਫ਼ੇਰ ਇਹ ਬਾਗ਼ ਉਜਾੜੀ ਜਾਂਦੇ ਓ

ਹੋਰ ਕਿਸੇ ਦੇ ਨਾਲ਼ ਤੁਹਾਡੀ ਨਹੀਂ ਬਣਦੀ
ਉਤੋਂ ਸਾਡੇ ਨਾਲ਼ ਵਗਾੜੀ ਜਾਂਦੇ ਓ

ਜਿਹਦੀ ਜਿਹੜੀ ਥਾਂ ਏ ਓਥੇ ਰਹਿਣ ਦਿਓ
ਕਿਉਂ ਹਰ ਇਕ ਨੂੰ ਦਿਲ ਚਿ ਵਾੜੀ ਜਾਂਦੇ ਓ

ਇਕ ਦਿਨ ਮੇਰੇ ਦਿਲ ਨੇ ਪੁੱਛਿਆ ਤਲਹਾ ਜੀ
ਕਿਉਂ ਰੀਝਾਂ ਨੂੰ ਸੀਨੇ ਤਾੜੀ ਜਾਂਦੇ ਓ